1 Chronicles 20

1ਫਿਰ ਇਸ ਤਰ੍ਹਾਂ ਹੋਇਆ ਕਿ ਨਵੇਂ ਸਾਲ ਦੇ ਅਰੰਭ ਵਿੱਚ, ਜਦੋਂ ਰਾਜੇ ਯੁਧ ਕਰਨ ਨੂੰ ਬਾਹਰ ਨਿੱਕਲਦੇ ਹਨ, ਤਾਂ ਯੋਆਬ ਨੇ ਫ਼ੌਜ ਦੇ ਮੁਖੀ ਸੂਰਮਿਆਂ ਨੂੰ ਲੈ ਜਾ ਕੇ ਅੰਮੋਨੀਆਂ ਦੀ ਧਰਤੀ ਨੂੰ ਲੁੱਟਿਆ ਅਤੇ ਰੱਬਾਹ ਨਗਰ ਨੂੰ ਆ ਕੇ ਘੇਰਾ ਪਾਇਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ ਅਤੇ ਯੋਆਬ ਨੇ ਰਬਾਹ ਨੂੰ ਜਿੱਤ ਲਿਆ ਤੇ ਉਸ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ।

2ਦਾਊਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਹ ਦੇ ਸਿਰ ਉੱਤੋਂ ਲਾਹ ਲਿਆ ਅਤੇ ਇਹ ਪਤਾ ਕੀਤਾ ਕਿ ਉਹ ਦਾ ਸੋਨਾ ਤੋਲ ਵਿੱਚ ਇੱਕ ਤੋੜਾ ਸੀ ਅਤੇ ਹੀਰਿਆਂ ਮੋਤੀਆਂ ਦੇ ਨਾਲ ਜੜਿਆ ਹੋਇਆ ਸੀ । ਉਹ ਮੁਕਟ ਦਾਊਦ ਦੇ ਸਿਰ ਉੱਤੇ ਧਰਿਆ ਗਿਆ ਅਤੇ ਉਸ ਨੇ ਉਸ ਸ਼ਹਿਰ ਵਿਚੋਂ ਬਹੁਤ ਕੁਝ ਲੁੱਟ ਲਿਆ 3ਅਤੇ ਉਸ ਨੇ ਉਸ ਦੇ ਵਿਚੋਂ ਲੋਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਆਰੀਆਂ, ਲੋਹੇ ਦੇ ਹੱਲਾਂ ਅਤੇ ਕੁਹਾੜਿਆਂ ਨਾਲ ਵੱਢ ਸੁੱਟਿਆ, ਦਾਊਦ ਨੇ ਅੰਮੋਨੀਆਂ ਦੇ ਸਾਰੇ ਨਗਰਾਂ ਨਾਲ ਇਸੇ ਤਰ੍ਹਾਂ ਕੀਤਾ, ਫੇਰ ਦਾਊਦ ਸਾਰੇ ਲੋਕਾਂ ਨਾਲ ਯਰੂਸ਼ਲਮ ਨੂੰ ਮੁੜ ਆਇਆ ।

4ਫਿਰ ਗਜ਼ਰ ਵਿੱਚ ਫ਼ਲਿਸਤੀਆਂ ਨਾਲ ਯੁਧ ਦਾ ਅਰੰਭ ਹੋਇਆ, ਤਦ ਹੁੱਸ਼ਾਥੀ ਸਿਬਕਾਈ ਨੇ ਸਿੱਪਈ ਨੂੰ ਜਿਹੜਾ ਰਫ਼ਾ ਦੀ ਅੰਸ ਵਿਚੋਂ ਸੀ ਮਾਰ ਸੁੱਟਿਆ ਅਤੇ ਉਹ ਹਾਰ ਗਏ । 5ਫ਼ਲਿਸਤੀਆਂ ਨਾਲ ਫੇਰ ਲੜਾਈ ਹੋਈ, ਤਦ ਯਾਈਰ ਦੇ ਪੁੱਤਰ ਅਲਹਨਾਨ ਨੇ ਗਿੱਤੀ ਗੋਲਿਅਥ ਦੇ ਭਰਾ ਲਹਮੀ ਨੂੰ ਜਿਹ ਦੇ ਨੇਜੇ ਦਾ ਡੰਡਾ ਜੁਲਾਹੇ ਦੇ ਸ਼ਤੀਰ ਵਰਗਾ ਸੀ, ਮਾਰ ਸੁੱਟਿਆ ।

6ਗਥ ਵਿੱਚ ਇੱਕ ਹੋਰ ਲੜਾਈ ਹੋਈ ਅਤੇ ਉੱਥੇ ਇੱਕ ਵੱਡਾ ਲੰਮਾ ਜੋਧਾ ਸੀ, ਜਿਸ ਦੇ ਹੱਥਾਂ ਪੈਰਾਂ ਦੀਆਂ ਛੇ-ਛੇ ਉਂਗਲੀਆਂ ਅਰਥਾਤ ਉਸ ਦੀਆਂ ਚੌਵੀ ਉਂਗਲੀਆਂ ਸਨ ਅਤੇ ਉਹ ਰਫ਼ਾ ਦੀ ਕੁਲ ਵਿਚੋਂ ਸੀ । 7ਜਦੋਂ ਉਸ ਨੇ ਇਸਰਾਏਲ ਨੂੰ ਬਹੁਤ ਲਲਕਾਰਿਆ, ਤਾਂ ਦਾਊਦ ਦੇ ਭਰਾ ਸ਼ਿਮਈ ਦੇ ਪੁੱਤਰ ਯੋਨਾਥਾਨ ਨੇ ਉਸ ਨੂੰ ਜਾਨੋਂ ਮਾਰ ਦਿੱਤਾ । ਇਹ ਗਥ ਦੇ ਵਿੱਚ ਰਫ਼ਾ ਦੇ ਘਰ ਜੰਮੇ, ਉਹ ਦਾਊਦ ਅਤੇ ਉਹ ਦੇ ਸੇਵਕਾਂ ਦੇ ਹੱਥੋਂ ਮਾਰੇ ਗਏ ।

8

Copyright information for PanULB